ਬਚਪਨ
ਬਚਪਨ ਦੀ ਇੱਕ ਸ਼ਰਾਰਤ ਯਾਦ ਆ ਗਈ। ਸ਼ਰਾਰਤ ਨਹੀਂ ਖੇਡ ਹੀ ਸੀ। ਤੂਤ ਦੀਆਂ ਛਟੀਆਂ ਨਾਲ ਬਣੇ ਟੋਕਰੇ ਨੂੰ ਕਿਸੇ ਵੱਡੇ ਡੱਕੇ ਦੇ ਸਹਾਰੇ ਟੇਢਾ ਜਿਹਾ ਖੜਾ ਕਰਕੇ ਨਾਲ ਇੱਕ ਰੱਸੀ ਬੰਨਕੇ ਅਸੀਂ ਦੂਰ ਬੈਠ ਜਾਂਦੇ। ਟੋਕਰੇ ਹੇਠ ਕੁਝ ਕੁ ਦਾਣੇ ਖਿਲਾਰ ਦੇਣੇ ਤੇ ਪਾਣੀ ਦੀ ਕੌਲੀ ਰੱਖ ਦਿੰਦੇ। ਦੂਰ ਬੈਠੇ ਟੋਕਰੇ ਵੱਲ ਨਿਗ੍ਹਾ ਰੱਖਦੇ ਤੇ ਜਦੋਂ ਹੀ ਕੋਈ ਚਿੜੀ ਦਾਣੇ ਚੁਗਣ ਟੋਕਰੇ ਹੇਠ ਆਉਂਦੀ ਤਾਂ ਝੱਟ ਰੱਸੀ ਖਿੱਚ ਦਿੰਦੇ। ਇਸ ਨਾਲ ਚਿੜੀ ਟੋਕਰੇ ਹੇਠ ਆ ਜਾਂਦੀ। ਕਈ ਵਾਰੀ ਚਿੜੀ ਫੁਰਤੀ ਨਾਲ ਉੱਡ ਵੀ ਜਾਂਦੀ ਤੇ ਅਸੀਂ ਇਹ ਪ੍ਰਕਿਰਿਆ ਫਿਰ ਦੁਬਾਰਾ ਤੋਂ ਕਰਦੇ। ਫਿਰ ਅਗਲਾ ਕੰਮ ਉਸ ਟੋਕਰੇ ਹੇਠ ਫਸੀ ਚਿੜੀ ਨੂੰ ਫੜ੍ਹਕੇ ਰੰਗਣਾ ਹੁੰਦਾ ਸੀ। ਚਿੜੀਆਂ ਨੂੰ ਰੰਗਣ ਲਈ ਬਸਤੇ ਵਿਚ ਰੱਖੀ ਨੀਲੀ ਯ ਲਾਲ ਸਿਆਹੀ ਵਰਤੀ ਜਾਂਦੀ। ਰੰਗੀਆਂ ਹੋਈਆਂ ਚਿੜੀਆਂ ਨੂੰ ਖੁੱਲ੍ਹਾ ਛੱਡ ਕੇ ਆਪਣੀ ਚਿੜੀ ਦੀ ਪਹਿਚਾਣ ਬਣਾਉਂਦੇ। ਬਸ ਜੇਠ ਹਾੜ ਦੀ ਤਿੱਖੜ ਦੁਪਹਿਰ ਵਿੱਚ ਇਹੀ ਖੇਲ ਸਾਨੂੰ ਬਿਨਾਂ ਪੱਖੇ ਤੋਂ ਬੀਜੀ ਰੱਖਦਾ। ਅਜਿਹੀਆਂ ਖੇਡਾਂ ਖੇਡਣ ਵੇਲੇ ਸਾਨੂੰ ਗਰਮੀ ਸਰਦੀ ਦੀ ਪਰਵਾਹ ਨਹੀਂ ਸੀ ਹੁੰਦੀ। ਬਹੁਤੇ ਲੋਕਾਂ ਨੇ ਇਹ ਨਜ਼ਾਰੇ ਲਏ ਹੋਣਗੇ।
ਏ ਸੀ ਵਾਲੇ ਕਮਰੇ ਵਿਚ ਮੋਬਾਇਲ ਤੇ ਗੇਮ ਖੇਡਣ ਵਾਲਿਆਂ ਨੂੰ ਇਹਨਾਂ ਖੇਡਾਂ ਦਾ ਆਨੰਦ ਕਿੱਥੇ ਹੈ।


Comments
Post a Comment