..........
ਓਹਨਾ ਵੇਲਿਆਂ ਵਿੱਚ ਸਿਰਫ ਸਕੇ ਯ ਨਜ਼ਦੀਕੀ ਰਿਸ਼ਤੇਦਾਰ ਹੀ ਨਹੀਂ ਸੀ ਆਉਂਦੇ ਸਗੋਂ ਦੂਰ ਦੇ ਰਿਸ਼ਤੇਦਾਰ ਵੀ ਵਾਧੂ ਆਉਂਦੇ ਸਨ ਤੇ ਉਹ ਕਈ ਕਈ ਦਿਨ ਰਹਿੰਦੇ। ਦੂਰ ਦੇ ਮਤਲਬ ਦਾਦੇ ਦੇ ਸ਼ਰੀਕੇ ਚੋ ਯ ਦਾਦੇ ਦੀ ਸ਼ਰੀਕੇ ਚੋ ਲਗਦੇ ਕਿਸੇ ਚਚੇਰੇ ਮਮੇਰੇ ਭਰਾ ਯ ਓਹਨਾ ਦੇ ਸਾਲੇ ਸਾਢੂ। ਉਹ ਬਸ ਖਾਲੀ ਹੱਥ ਹੀ ਆਉਂਦੇ ਤੇ ਉਹਨਾਂ ਦੇ ਮੋਢੇ ਤੇ ਸਿਰਫ ਪਰਨਾ ਸਾਫ਼ਾ ਹੀ ਰੱਖਿਆ ਹੁੰਦਾ ਸੀ। ਜਿਸਨੂੰ ਸਮੋਸਾ ਵੀ ਆਖਦੇ ਸਨ। ਵਾਂਡੇ ਤੋਂ ਆਉਣ ਵਾਲੇ ਰਿਸ਼ਤੇਦਾਰ ਨੂੰ ਪੈਰ ਧਵਾਉਣ ਲਈ ਬੱਠਲ ਵਿੱਚ ਪਾਣੀ ਦਿੱਤਾ ਜਾਂਦਾ ਸੀ। ਸਰਦੀਆਂ ਵਿਚ ਥੋੜਾ ਕੋਸਾ ਪਾਣੀ। ਸਬੁਣ ਤੇਲ ਤੋਲੀਏ ਦਾ ਰਿਵਾਜ ਨਹੀਂ ਸੀ ਹੁੰਦਾ ਓਦੋਂ। ਉਹ ਆਪਣੇ ਪਰਨੇ ਨਾਲ ਹੀ ਹੱਥ ਮੂੰਹ ਪੂੰਝ ਲੈਂਦੇ। ਅਜਿਹੇ ਪ੍ਰੌਹਨੇ ਸਵੇਰੇ ਸ਼ਾਮ ਸਾਂਝੇ ਖੂਹ ਟੋਬੇ ਕੱਸੀ ਸੂਏ ਤੇ ਇਕੱਲੇ ਹੀ ਨਹਾ ਆਉਂਦੇ। ਉਹਨਾਂ ਲਈ ਕੋਈ ਉਚੇਚੀ ਦਾਲ ਸਬਜ਼ੀ ਨਹੀਂ ਸੀ ਬਣਾਈ ਜਾਂਦੀ। ਬਸ ਘਰੇ ਜੋ ਰੁੱਖੀ ਸੁਖੀ ਬਣੀ ਹੁੰਦੀ ਸੀ ਬੜੇ ਪਿਆਰ ਨਾਲ ਖੁਆਈ ਜਾਂਦੀ ਸੀ। ਬਸ ਇੱਕ ਅੱਧੀ ਰੋਟੀ ਧੱਕੇ ਨਾਲ ਵੱਧ ਖੁਆਈ ਜਾਂਦੀ ਸੀ। ਅਜਿਹੇ ਬਹੁਤੇ ਪ੍ਰੌਹਨੇ ਸਾਰਾ ਦਿਨ ਗੱਲਾਂ ਮਾਰਦੇ ਯ ਕਿਸੇ ਢਾਣੀ ਵਿੱਚ ਤਾਸ ਕੁੱਟਦੇ। ਕਈ ਮਹਿਮਾਨ ਤਾਂ ਰੱਸੇ ਵੱਟਣ, ਮੰਜੇ ਬੁਣਨ, ਸੂਤ ਕੱਤਣ, ਸਣ ਕੱਢਣ, ਮੁੰਜ ਕੁੱਟਣ ਯ ਘਰ ਦਾ ਕੋਈ ਕੰਮ ਕਰਾਉਣ ਵਿੱਚ ਨਿਸੰਕੋਚ ਮਦਦ ਕਰਦੇ ਸਨ। ਇਸ ਤਰਾਂ ਦੂਰ ਦੀ ਰਿਸ਼ਤੇਦਾਰੀ ਵਿਚ ਆਕੇ ਉਹ ਕੰਮ ਕਰਨੋ ਜਵਾਂ ਨਾ ਸੰਗਦੇ। ਬਹੁਤੇ ਘਰਾਂ ਵਿਚ ਇੱਕ ਅੱਧੀ ਵਿਧਵਾ ਯ ਛੁੱਟੜ ਭੂਆ ਵੀ ਹੁੰਦੀ ਸੀ। ਜੋ ਘਰ ਦੇ ਹਰ ਫੈਸਲੇ ਵੀ ਦਖਲ ਦਿੰਦੀ ਪਰ ਫਿਰ ਵੀ ਸਾਰੇ ਉਸ ਦੀ ਲੋੜ ਤੋਂ ਵੱਧ ਇੱਜਤ ਕਰਦੇ। ਇਹ ਓਹਨਾ ਦਾ ਰਿਸ਼ਤਿਆਂ ਪ੍ਰਤੀ ਮੋਹ ਸੀ ਯ ਵੱਡਿਆਂ ਦਾ ਅਦਬ ਕਰਨ ਦੇ ਸੰਸਕਾਰ।
ਅੱਜ ਕੱਲ੍ਹ ਤਾਂ ਸਕੇ ਮਾਮੇ ਇਸ ਲਈ ਨਹੀਂ ਆਉਂਦੇ ਕਿ ਖਾਲੀ ਹੱਥ ਤਾਂ ਆ ਨਹੀਂ ਸਕਦੇ ਤੇ ਫੁਫੜਾਂ ਦੀ ਆਕੜ ਹੀ ਨਹੀਂ ਮਾਣ। ਜੇ ਕੋਈ ਆਉਂਦਾ ਵੀ ਹੈ ਤਾਂ ਉਹ ਆਪਣੀ ਕਿਸੇ ਗਰਜ ਨੂੰ ਆਉਂਦਾ ਹੈ। ਮਿਲਣ ਤਾਂ ਕੋਈ ਨਹੀਂ ਆਉਂਦਾ। ਭਾਵੇਂ ਪਰਤਿਆ ਲਵੋ।
ਉਂਜ ਆਪਾਂ ਕਿਹੜਾ ਜਾਂਦੇ ਹਾਂ ਕਿਤੇ, ਬਿਨਾਂ ਕੰਮ ਯ ਗਰਜ ਤੋਂ।


Comments
Post a Comment